ਸਿਖਰ ਦੁਪਹਿਰੇ ਡੁੱਬਿਆ ਸੂਰਜ - ਕੰਵਲਜੀਤ ਸਿੰਘ

ਸਵ. ਕਮਲਜੀਤ ਸਿੰਘ ਦਾ ਜਨਮ ਸੰਨ 1959 ਨੂੰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਪਿਤਾ ਸ. ਮਹਿੰਦਰ ਸਿੰਘ ਫ਼ੌਜ ਵਿਚ ਨੌਕਰੀ ਕਰਦੇ ਸਨ। ਮੁੱਢਲੀ ਸਿੱਖਿਆ ਪਿੰਡ ਕੋਟਲਾ ਸ਼ਾਹੀਆਂ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਤੋਂ ਮੈਟ੍ਰਿਕ ਵਿਚ ਪੜ੍ਹਦਿਆਂ ਖੇਡਾਂ ਦੇ ਖੇਤਰ ਵੱਲ ਪੈਰ ਧਰਿਆ ਅਤੇ ਅਥਲੈਟਿਕਸ 'ਚ ਦਿਲਚਸਪੀ ਲਈ ਤੇ ਨਾਲ ਹੀ ਕਬੱਡੀ ਵਿਚ। ਸਕੂਲ ਵਿਚ ਲੰਮੀ ਛਾਲ, ਉਚੀ ਛਾਲ ਅਤੇ ਪੋਲ ਵਾਲਟ ਈਵੈਂਟਸ 'ਚ ਦਿਲਚਸਪੀ ਵਧੀ ਅਤੇ ਜ਼ਿਲ੍ਹਾ ਸਕੂਲ ਗੇਮਜ਼ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਬਹੁਤ ਹੀ ਫੁਰਤੀਲੇ ਤੇ ਮਜ਼ਬੂਤ ਜਿਸਮ ਦਾ ਮਾਲਕ ਕਮਲਜੀਤ ਕਬੱਡੀ ਪੰਜਾਬ ਸਟਾਈਲ ਦਾ ਵੀ ਇਲਾਕੇ ਦਾ ਨਾਮਵਰ ਖਿਡਾਰੀ ਬਣ ਗਿਆ। ਪਿੰਡਾਂ ਦੀਆਂ ਪੜੇਵੀਆਂ ਅਤੇ ਛਿੰਝਾਂ ਵਿਚ ਉਸ ਦੀ ਖੇਡ ਦੀ ਚਰਚਾ ਹੋਣ ਲੱਗੀ। ਖੇਡਾਂ ਤੋਂ ਇਲਾਵਾ ਉਹ ਬਹੁਤ ਹੀ ਸੁਰੀਲੇ ਗਲੇ ਦਾ ਮਾਲਕ ਗਾਇਕ ਸੀ ਅਤੇ ਤੂੰਬੀ ਵਜਾਉਣ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ। ਨਾਲ ਹੀ ਉਚ ਕੋਟੀ ਦਾ ਭੰਗੜਾ ਕਲਾਕਾਰ ਅਤੇ ਸਟੇਜ਼ ਕਲਾਕਾਰ ਸੀ। ਚੁਟਕਲੇ ਸੁਣਾਉਣ ਅਤੇ ਕਾਮੇਡੀ ਕਰਨ ਵਿਚ ਵੀ ਮਾਹਿਰ ਸੀ ਪਿੰਡ ਵਿਚ ਉਹ ਧਾਰਮਿਕ, ਸਭਿਆਚਾਰ ਅਤੇ ਡਰਾਮਿਆਂ ਆਦਿ ਪ੍ਰੋਗਰਾਮ ਦਾ ਮੋਹਰੀ ਸੀ।
ਪਰਿਵਾਰ ਦੇ ਚਾਰ ਭਰਾਵਾਂ ਅਤੇ ਦੋ ਭੈਣਾਂ ਵਿਚ ਉਹ ਵੱਡੇ ਵੀਰ ਜਸਮੇਰ ਸਿੰਘ ਤੋਂ ਛੋਟਾ ਸੀ। ਉਸ ਤੋਂ ਛੋਟਾ ਖੁਸ਼ ਕਰਨ ਸਿੰਘ, ਭੈਣ ਬਲਕਿਰਨ ਜੀਤ ਕੌਰ, ਪ੍ਰਿਥੀਪਾਲ ਸਿੰਘ ਤੋਂ ਸਭ ਤੋਂ ਛੋਟੀ ਭੈਣ ਨਿਰਮੋਲ ਜੀਤ ਕੌਰ ਹੈ। ਪਰਿਵਾਰ ਦੇ ਘਰੇਲੂ ਹਾਲਾਤ ਨੂੰ ਵੇਖਦਿਆਂ ਉਸ ਨੇ ਹਾਇਰ ਸੈਕੰਡਰੀ ਕਰਨ ਤੋਂ ਬਾਅਦ ਸਾਲ 1977 ਵਿਚ ਉਹ ਫ਼ੌਜ ਲਈ ਭਰਤੀ ਹੋਣ ਗਿਆ ਤਾਂ ਫ਼ੌਜੀ ਅਫ਼ਸਰਾਂ ਨੇ ਉਸਦੇ ਸੁਡੌਲ ਸਰੀਰ ਤੇ ਛੋਟੀ ਉਮਰ ਵਿਚ ਕੀਤੀਆਂ ਖੇਡ ਪ੍ਰਾਪਤੀਆਂ ਨੂੰ ਵੇਖਦਿਆਂ ਪਹਿਲੀ ਨਜ਼ਰੇ ਹੀ ਫੌਜ 'ਚ ਭਰਤੀ ਕਰ ਲਿਆ ਅਤੇ ਪਰਿਵਾਰ ਨੂੰ ਨਾ ਚਾਹੁੰਦਿਆਂ ਹੋਇਆ ਵੀ ਚੀਤੇ ਦੀ ਫੁਰਤੀ ਵਾਲੇ ਹੋਣਹਾਰ ਪੁੱਤਰ ਤੇ ਪਿੰਡ ਦੀ ਰੂਹ ਰਵਾਂ ਕਮਲਜੀਤ ਨੂੰ ਆਪਣੇ ਤੋਂ ਵਿਦਾ ਕਰਨਾ ਪਿਆ। 3 ਪੰਜਾਬ ਰੈਜ਼ੀਡੈਂਟ ਵਿਚ ਰਕਰੂਟਮੈਂਟ ਤੋਂ ਬਾਅਦ ਖੇਡਾਂ ਵਿਚ ਮਿਹਨਤ ਜਾਰੀ ਰੱਖੀ ਅਤੇ ਪੋਲ ਵਾਲਟ ਈਵੈਂਟ ਵਿਚ ਮੁਹਾਰਤ ਹਾਸਲ ਕਰਨੀ ਸ਼ੁਰੂ ਕੀਤੀ ਅਤੇ ਜਲਦੀ ਹੀ ਫੌਜ ਦਾ ਵਧੀਆ ਐਥਲੀਟ ਬਣ ਗਿਆ। ਡੀਕੈਥਲਿਨ ਵਿਚ ਵੀ ਉਹ ਫੌਜ ਦਾ ਵਧੀਆ ਐਥਲੀਟ ਸੀ। ਖੇਡਾਂ ਦੇ ਨਾਲ ਨਾਲ ਉਹ ਫ਼ੌਜ ਦਾ ਵਧੀਆ ਗਾਇਕ ਅਤੇ ਭੰਗੜਾ ਕਲਾਕਾਰ ਵੀ ਸੀ। ਕਮਲਜੀਤ ਅਕਸਰ ਪਿੰਡ ਸਾਉਣ ਮਹੀਨੇ ਦੇ ਦਿਨਾਂ ਵਿਚ ਛੁੱਟੀ ਆਉਂਦਾ ਸੀ ਇਨ੍ਹਾਂ ਦਿਨਾਂ 'ਚ ਪਿੰਡਾਂ 'ਚ ਕਬੱਡੀ ਦੇ ਟੂਰਨਾਮੈਂਟ ਆਦਿ ਤੀਆਂ ਮੌਕੇ ਪਿੰਡਾਂ 'ਚ ਹੁੰਦੇ ਸਨ ਅਤੇ ਉਹ ਪਿੰਡ ਦੀ ਕਬੱਡੀ ਟੀਮ ਦਾ ਸ਼ਿੰਗਾਰ ਹੁੰਦਾ ਸੀ ਅਤੇ ਬੈੱਸਟ ਰੇਡਰ ਹੁੰਦਾ ਸੀ। ਉਸ ਦੇ ਸਿਰ 'ਤੇ ਪਿੰਡ ਦੀ ਟੀਮ ਇਲਾਕੇ ਵਿਚ ਮਜ਼ਬੂਤ ਟੀਮ ਗਿਣੀ ਜਾਂਦੀ ਸੀ। ਕਬੱਡੀ ਵਿਚ ਖੜ੍ਹੇ ਸਟਾਪਰਾਂ ਦੇ ਉਪਰ ਦੀ ਟੱਪਣਾ ਉਸ ਵਾਸਤੇ ਮਾਮੂਲੀ ਕੰਮ ਸੀ। ਮਿਲਾਪੜੇ ਤੇ ਹਸਮੁਖ ਸੁਭਾਅ ਕਰਕੇ ਉਹ ਪਰਿਵਾਰ ਦਾ ਮਹਿਕਦਾ ਗੁਲਾਬੀ ਫੁੱਲ ਸੀ।
ਕਮਲਜੀਤ ਮਿਹਨਤ ਸਦਕਾ ਜਲਦੀ ਹੀ ਸਰਵਿਸਿਜ਼ ਦਾ ਨੰਬਰ1 ਪੋਲ ਵਾਲਟਰ ਬਣ ਗਿਆ ਤੇ ਉਸ ਨੂੰ ਛੋਟੀ ਉਮਰ 'ਚ ਹੀ ਸੂਬੇਦਾਰ ਬਣਾ ਦਿੱਤਾ ਗਿਆ। ਫ਼ੌਜ ਵਿਚ ਉਸ ਨੇ ਫ਼ਾਈਬਰ-ਗਲਾਸ ਦਾ ਪੋਲ ਮੰਗਾਉਣ ਲਈ ਅਫ਼ਸਰਾਂ ਨੂੰ ਬਹੁਤ ਜ਼ੋਰ ਪਾਇਆ ਪਰ ਭਾਰਤ ਵਿਚ ਖਿਡਾਰੀਆਂ ਨੂੰ ਸਹੂਲਤਾਂ ਦੀ ਕਮੀ, ਨੇ ਉਸ ਦੀ ਪੇਸ਼ ਨਾ ਜਾਣ ਦਿੱਤੀ। ਅੰਤ ਉਸ ਨੂੰ ਬਾਂਸ ਦੇ ਪੋਲ ਨਾਲ ਹੀ ਨੈਸ਼ਨਲ ਗੇਮਜ਼ ਵਿਚ ਉੱਤਰਨਾ ਪਿਆ ਅਤੇ ਬਾਕੀ ਖਿਡਾਰੀਆਂ ਦੇ ਫਾਈਬਰ ਗਲਾਸ ਪੋਲ ਦੇ ਮੁਕਾਬਲੇ ਉਹ ਬਾਂਸ ਦੇ ਪੋਲ ਨਾਲ ਹੀ ਇਕ ਦੋ ਇੰਚ ਦੇ ਫ਼ਰਕ ਨਾਲ ਤੀਜੀ ਥਾਂ 'ਤੇ ਰਿਹਾ ਅਤੇ ਉਸ ਨੇ ਅਫ਼ਸਰਾਂ ਨੂੰ ਸ਼ਰ੍ਹੇਆਮ ਚੈਲੰਜ ਕੀਤਾ ਸੀ ਕਿ ਉਸ ਨੂੰ ਫਾਈਬਰ ਗਲਾਸ ਦਾ ਪੋਲ ਮੰਗਵਾ ਕੇ ਦਿਉ ਤਾਂ ਉਹ ਛੇ ਮਹੀਨਿਆਂ ਵਿਚ ਹੀ ਏਸ਼ੀਆਈ ਸੋਨ ਤਗਮਾ ਜਿੱਤ ਦੇਵੇਗਾ।
ਇਸ ਤੋਂ ਬਾਅਦ ਕਮਲਜੀਤ ਸਿੰਘ ਆਰਮੀ ਵੱਲੋਂ ਐਨ.ਆਈ.ਐਸ.ਪਟਿਆਲਾ ਤੋਂ ਵਧੀਆ ਪੁਜ਼ੀਸ਼ਨ 'ਚ ਪਾਸ ਹੋਇਆ। ਭਾਰਤੀ ਫੌਜ ਵੱਲੋਂ ਉਸਨੂੰ ਐਥਲੈਟਿਕਸ ਦਾ ਕੋਚ ਨਿਯੁਕਤ ਕੀਤਾ ਗਿਆ ਅਤੇ ਉਸ ਨੇ ਕੋਚਿੰਗ ਦੇ ਨਾਲ ਨਾਲ ਆਪਣੀ ਗੇਮਜ਼ ਦੀ ਪ੍ਰੈਕਟਿਸ ਵੀ ਜਾਰੀ ਰੱਖੀ। 19 ਅਕਤੂਬਰ 1990 ਨੂੰ ਫ਼ਿਰੋਜ਼ਪੁਰ ਵਿਖੇ ਆਪਣੀ ਧਰਮ ਪਤਨੀ ਹਰਜਿੰਦਰ ਕੌਰ ਨਾਲ ਜਾਂਦਿਆਂ ਉਸ ਦਾ ਐਕਸੀਡੈਂਟ ਹੋ ਗਿਆ ਅਤੇ 23 ਅਕਤੂਬਰ ਨੂੰ ਆਪਣੀ ਦੋ ਸਾਲ ਦੀ ਬੇਟੀ ਮੁਨੀਤ ਅਤੇ ਸਾਰੇ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੂੰ ਵਿਲਕਦੇ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਅਤੇ ਪੰਜਾਬ, ਦੇਸ਼ ਕੁਝ ਕਰ ਗੁਜ਼ਰਨ ਵਾਲੇ ਖਿਡਾਰੀ ਤੋਂ ਵਾਂਝਾ ਹੋ ਗਿਆ।