ਕਮਲਜੀਤ ਖੇਡਾਂ ਮੌਕੇ 11 ਖਿਡਾਰੀਆਂ ਦਾ
ਸੋਨ ਤਮਗਿਆਂ ਨਾਲ ਹੋਵੇਗਾ ਸਨਮਾਨ

ਦਿੱਲੀ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ 101 ਤਮਗ਼ੇ ਜਿੱਤ ਕੇ ਦੇਸ਼ ਨੂੰ ਸਭ ਤੋਂ ਵੱਡਾ ਮਾਣ ਦਿਵਾਇਆ ਜਿਸ ਵਿੱਚ ਪੰਜਾਬੀ ਖਿਡਾਰੀਆਂ ਨੇ ਬਾਖੂਬੀ ਯੋਗਦਾਨ ਪਾਇਆ। ਪੰਜਾਬ ਸਰਕਾਰ ਨੇ ਤਾਂ ਹਾਲੇ ਤੱਕ ਕਿਸੇ ਖਿਡਾਰੀ ਨੂੰ ਨਕਦ ਇਨਾਮ-ਸਨਮਾਨ ਨਹੀਂ ਦਿੱਤਾ ਪਰ ਖੇਡਾਂ ਲਈ ਕੰਮ ਕਰ ਰਹੀ ਇੱਕ ਸੰਸਥਾ ਸੁਰਜੀਤ ਸਪੋਰਟਰਸ ਐਸੋਸੀਏਸ਼ਨ ਬਟਾਲਾ ਨੇ ਪਹਿਲ ਕਰਦਿਆਂ ਪੰਜਾਬ ਦੇ 11 ਤਮਗ਼ਾ ਜੇਤੂ ਖਿਡਾਰੀਆਂ ਨੂੰ ਡੇਢ ਤੋਲੇ (15 ਗ੍ਰਾਮ) ਸੋਨੇ ਦੇ ਤਮਗ਼ਿਆਂ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ।
ਸੁਰਜੀਤ ਸਪੋਰਟਰਸ ਐਸੋਸੀਏਸ਼ਨ, ਬਟਾਲਾ ਵੱਲੋਂ ਹਰ ਸਾਲ ਕਰਵਾਈਆ ਜਾਣ ਵਾਲੀਆਂ 21ਵੀਆਂ ਕਮਲਜੀਤ ਖੇਡਾਂ ਇਸ ਵਾਰ 2 ਤੋਂ 4 ਦਸੰਬਰ ਤੱਕ ਕੋਟਲਾ ਸ਼ਾਹੀਆ (ਬਟਾਲਾ) ਵਿਖੇ ਹੋ ਰਹੀਆਂ ਹਨ। ਸੰਸਥਾਂ ਦੇ ਜਥੇਬੰਦਕ ਸਕੱਤਰ ਡਾ. ਕੁਲਵੰਤ ਸਿੰਘ ਤੇ ਸਾਬਕਾ ਹਾਕੀ ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ ਨੇ ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਐਲਾਨ ਕੀਤਾ 4 ਦਸੰਬਰ ਨੂੰ ਕਮਲਜੀਤ ਖੇਡਾਂ ਦੇ ਸਮਾਪਤੀ ਸਮਾਗਮ ਮੌਕੇ ਰਾਸ਼ਟਰਮੰਡਲ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ 11 ਪੰਜਾਬੀ ਖਿਡਾਰੀਆਂ ਮਨਜੀਤ ਕੌਰ, ਮਨਦੀਪ ਕੌਰ, ਹਰਵੰਤ ਕੌਰ, ਹਿਨਾ ਸਿੱਧੂ, ਅਭਿਨਵ ਬਿੰਦਰਾ, ਮਾਨਵਜੀਤ ਸਿੰਘ ਸਿੱਧੂ, ਰੰਜਨ ਸੋਢੀ, ਗੁਰਪ੍ਰੀਤ ਸਿੰਘ, ਗਗਨਦੀਪ ਕੌਰ, ਅਮਨਦੀਪ ਸਿੰਘ ਤੇ ਹਰਮਿੰਦਰ ਸਿੰਘ  ਨੂੰ 15-15 ਗ੍ਰਾਮ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਜਿਨ੍ਹਾਂ ਖਿਡਾਰੀਆਂ ਨੇ ਸੋਨੇ ਦੀ ਥਾਂ ਚਾਂਦੀ ਜਾਂ ਕਾਂਸੀ ਦਾ ਤਗਮਾ ਜਿੱਤਿਆ ਹੈ, ਉਨ੍ਹਾਂ ਨੂੰ ਵੀ ਸ਼ੁੱਧ ਸੋਨ ਤਮਗੇ ਨਾਲ ਹੀ ਸਨਮਾਨ ਮਿਲੇਗਾ। ਚਾਂਦੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਬਾਅਦ ਵਿੱਚ ਇੱਕ ਵੱਖਰੇ ਹਾਕੀ ਟੂਰਨਾਮੈਂਟ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਸੁਰਜੀਤ ਸਪੋਰਟਰਸ ਐਸੋਸੀਏਸ਼ਨ ਬਟਾਲਾ ਨੇ 2006 ਵਿੱਚ ਦੋਹਾ (ਕਤਰ) ਵਿਖੇ ਹੋਈਆਂ ਏਸ਼ਿਆਈ ਖੇਡਾਂ ਦੇ ਤਗਮਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਵੀ 4.5 ਲੱਖ ਰੁਪਏ ਦੇ ਇਨਾਮ ਵੰਡੇ ਸਨ।
ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਅਹੁਦੇਦਾਰ ਪਵਿੱਤਰ ਸਿੰਘ ਗਰੇਵਾਲ ਤੇ ਭੁਪਿੰਦਰ ਸਿੰਘ ਡਿੰਪਲ ਨੇ ਇਸ ਮੌਕੇ ਦੱਸਿਆ ਕਿ 21ਵੀਆਂ ਕਮਲਜੀਤ ਖੇਡਾਂ ਨਾਲ ਪਹਿਲੀ ਵਾਰ ਪੰਜਾਬ ਵਿੱਚ ਨਵੀਂ ਰੀਤ ਪੈ ਰਹੀ ਹੈ। ਓਲੰਪਿਕ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਾਂਗ ਕਿਸੇ ਪੇਂਡੂ ਖੇਡ ਮੇਲੇ ਦਾ ਮਾਸਕਟ ਬਣਾਇਆ ਗਿਆ ਹੈ। ਇਨ੍ਹਾਂ ਖੇਡਾਂ ਦਾ ਮਾਸਕਟÐ’ਜੋਸ਼ੀਲਾ’ ਹੋਵੇਗਾ। ਇਸ ਤੋਂ ਇਲਾਵਾ ਤਿੰਨ ਦਿਨ ਚੱਲਣ ਵਾਲੇ ਖੇਡ ਮੇਲੇ ਵਿੱਚ ਅਥਲੈਟਕਿਸ, ਹਾਕੀ, ਫੁਟਬਾਲ, ਕਬੱਡੀ ਤੇ ਵਾਲੀਬਾਲ ਦੇ 30 ਖੇਡਾਂ ਦੇ ਮੁਕਾਬਲੇ ਹੋਣਗੇ ਜਿਸ ਵਿੱਚ ਸੂਬੇ ਦੇ 1000 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ।
ਸਿਰਫ ਓਲੰਪਿਕ ਵਿੱਚ ਮਾਨਤਾ ਵਾਲੀਆਂ ਹੀ ਖੇਡਾਂ ਨੂੰ ਖੇਡ ਮੇਲੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਹ ਪੰਜਾਬ ਦਾ ਪਹਿਲਾ ਖੇਡ ਮੇਲਾ ਹੈ ਜਿੱਥੇ ਅਥਲੈਟਕਿਸ ਦੇ ਪੋਲ ਵਾਲਟ ਈਵੈਂਟ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ। ਇਨ੍ਹਾਂ ਖੇਡਾਂ ਦੌਰਾਨ ਹਾਰ ਬਾਰ ਪੰਜ ਚੋਟੀ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਰਿਵਾਜ ਹੈ ਪਰ ਇਸ ਵਾਰ ਪੰਜਾਬ ਦੇ ਤਗਮਾ ਜੇਤੂ 11 ਖਿਡਾਰੀਆਂ ਨੂੰ ਸਨਮਾਨ ਮਿਲੇਗਾ। ਖੇਡਾਂ ਦੀ ਸ਼ੁਰੂਆਤ 2 ਦਸੰਬਰ ਨੂੰ ਹੋਵੇਗੀ ਜਦੋਂ ਹਾਕੀ ਓਲੰਪੀਅਨ ਅਤੇ ਅਰਜੁਨ ਅਵਾਰਡੀ ਪ੍ਰਭਜੋਤ ਸਿੰਘ ਬਟਾਲਾ ਸਥਿਤ ਮਹਾਨ ਹਾਕੀ ਓਲੰਪੀਅਨ ਸੁਰਜੀਤ ਸਿੰਘ ਦੇ ਬੁੱਤ ਵਾਲੀ ਥਾਂ ਤੋਂ ਮਸ਼ਾਲ ਜਗਾ ਕੇ ਸਟੇਡੀਅਮ ਵੱਲ ਰਵਾਨਾ ਹੋਣਗੇ। 50 ਲੱਖ ਦੀ ਲਾਗਤ ਨਾਲ ਉਸਾਰੇ ਸਟੇਡੀਅਮ ਵਿੱਚ ਖੇਡਾਂ ਤੋਂ ਇਲਾਵਾ ਵਾਰਿਸ ਭਰਾ, ਮੰਨਾ ਢਿੱਲੋਂ ਆਦਿ ਕਲਾਕਾਰ ਆਪਣਾ ਪ੍ਰੋਗਰਾਮ ਵੀ ਪੇਸ਼ ਕਰਨਗੇ। ਇਹ ਖੇਡਾਂ ਦੁਨੀਆਂ ਦੇ ਮੰਨੇ ਪ੍ਰਮੰਨੇ ਫੁੱਲਬੈਕ ਅਤੇ ਪੈਨਲਟੀ ਕਾਰਨਰ ਮਾਹਰ ਹਾਕੀ ਓਲੰਪੀਅਨ ਸੁਰਜੀਤ ਸਿੰਘ ਦੀ ਯਾਦ ਵਿੱਚ ਬਣੀ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਵੱਲੋਂ ਦੇਸ਼ ਦੇ ਪ੍ਰਸਿੱਧ ਪੋਲ ਵਾਲਟਰ ਕਮਲਜੀਤ ਸਿੰਘ ਦੇ ਨਾਂ ਤੇ 20 ਸਾਲਾਂ ਤੋਂ ਕਰਵਾਈਆ ਜਾ ਰਹੀਆਂ ਹਨ ਜਿਸ ਨੂੰ ਕਰਵਾਉਣ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ.ਗੁਰਭਜਨ ਸਿੰਘ ਸਿੰਘ ਗਿੱਲ ਤੇ ਖੇਡਾਂ ਲਈ ਕੰਮ ਕਰਨ ਵਾਲੇ ਪ੍ਰਿਥੀਪਾਲ ਸਿੰਘ ਡੀ.ਐਸ.ਪੀ.ਦੀ ਅਗਵਾਈ ਵਿੱਚ ਕਰਵਾਈਆਂ ਜਾਂਦੀਆਂ ਹਨ।

21ਵੀਆਂ ਕਮਲਜੀਤ ਖੇਡਾਂ ਸ਼ੁਰੂ

ਬਟਾਲਾ, 1 ਦਸੰਬਰ - ਬਟਾਲਾ ਦੇ ਕੋਟਲਾ ਸ਼ਾਹੀਆਂ ਵਿਖੇ ਸੁਰਜੀਤ ਕਮਲਜੀਤ ਖੇਡ ਕੰਪਲੈਕਸ ਵਿਚ 21ਵੀਆਂ ਕਮਲਜੀਤ ਖੇਡਾਂ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਉਦਘਾਟਨ ਮੌਕੇ ਹਾਕੀ ਉਲੰਪੀਅਨ ਪ੍ਰਭਜੋਤ ਸਿੰਘ ਦੀ ਅਗਵਾਈ ਵਿਚ ਖਿਡਾਰੀਆਂ ਦਾ ਕਾਫਲਾ ਸਵਰਗਵਾਸੀ ਹਾਕੀ ਉਲੰਪੀਅਨ ਸੁਰਜੀਤ ਸਿੰਘ ਦੇ ਬੁੱਤ ਤੋਂ ਜੋਤੀ ਲੈ ਕੇ ਖੇਡ ਕੰਪਲੈਕਸ ਵਿਚ ਮਸ਼ਾਲ ਜਗਾਉਣਗੇ। ਇਸ ਮੌਕੇ ਗਿੱਧੇ ਅਤੇ ਭੰਗੜੇ ਦੇ ਵਿਸ਼ਾਲ ਪਿੜ ਸੱਜਣਗੇ। ਕਮਲਜੀਤ ਖੇਡਾਂ 2010 ਦਾ ਵਿਸ਼ੇਸ਼ ਤੌਰ 'ਤੇ ਬਣਾਇਆ ਖੇਡ ਮਸਕਟ ਦਰਸ਼ਕਾਂ ਨੂੰ ਜੀ ਆਇਆਂ ਕਹੇਗਾ। ਉਦਘਾਟਨ ਤੋਂ ਬਾਅਦ ਫੁੱਟਬਾਲ ਹਾਕੀ ਅਤੇ ਅੰਡਰ 17 ਸਾਲਾਂ ਦੇ ਵਰਗ ਦੇ ਐਥਲੈਟਿਕਸ ਮੁਕਾਬਲੇ ਹੋਣਗੇ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸ: ਨਵਜੋਤ ਸਿੰਘ ਸਿੱਧੂ ਅਤੇ ਸ੍ਰੀ ਜਗਦੀਸ਼ ਰਾਜ ਸਾਹਨੀ ਦੁਆਰਾ ਅਖਤਿਆਰੀ ਫੰਡਾਂ ਨਾਲ ਬਣਾਏ ਗਏ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਦੇ ਬਲਾਕ ਦਾ ਉਦਘਾਟਨ ਵੀ ਕੀਤਾ ਜਾਵੇਗਾ। ਦਿਨ ਭਰ ਦੇ ਖੇਡ ਮੁਕਾਬਲਿਆਂ ਤੋਂ ਬਾਅਦ ਦਰਸ਼ਕਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ।

21ਵੀਆਂ ਕਮਲਜੀਤ ਖੇਡਾਂ ਹਾਕੀ ਮੈਚ ਵਿਚ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਜੇਤੂ

ਬਟਾਲਾ, 2 ਦਸੰਬਰ - ਬਟਾਲਾ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਕੋਟਲਾ ਸ਼ਾਹੀਆ ਵਿਖੇ 21ਵੀਆਂ ਕਮਲਜੀਤ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਉਦਘਾਟਨ ਮੌਕੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਸਰਵਨਜੀਤ ਸਿੰਘ ਮਰੜ੍ਹ ਦੀ ਅਗਵਾਈ ਵਿਚ ਜੋਤੀ ਲਿਆ ਕੇ ਖੇਡ ਕੰਪਲੈਕਸ ਵਿਚ ਮਸ਼ਾਲ ਜਗਾਈ। ਇਸ ਮੌਕੇ ਖੇਡਾਂ ਦਾ ਝੰਡਾ ਲਹਿਰਾਇਆ ਗਿਆ ਅਤੇ ਖੇਡ ਮੈਸਕਟ ਜੋਸ਼ੀਲਾ ਨੇ ਖੇਡ ਦਰਸ਼ਕਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਗਤਕਾ ਤੇ ਭੰਗੜੇ ਦੇ ਸ਼ੋਅ ਪੇਸ਼ ਕੀਤੇ। ਪਹਿਲੇ ਹਾਕੀ ਮੈਚ ਵਿਚ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਨੇ ਟੈਗੋਰ ਹਾਕੀ ਅਕੈਡਮੀ ਤਲਵੰਡੀ ਫੁੰਮਣ ਨੂੰ 3-1 ਦੇ ਫਰਕ ਨਾਲ ਹਰਾਇਆ। ਕਬੱਡੀ ਦੇ 62 ਕਿਲੋ ਭਾਰ ਵਰਗ ਵਿਚ ਸਪੋਰਟਸ ਕਲੱਬ ਜਫਰਵਾਲ ਜੇਤੂ ਤੇ ਲੜਕੀਆਂ ਦੇ ਖੋ-ਖੋ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਟੀਮ ਜੇਤੂ ਅਤੇ ਸਪੋਰਟਸ ਕਲੱਬ ਫਤਹਿਗੜ੍ਹ ਚੂੜੀਆਂ ਉਪ ਜੇਤੂ ਰਹੀ। ਫੁੱਟਬਾਲ ਦੇ ਸੈਮੀਫਾਈਨਲ ਮੈਚਾਂ ਵਿਚ ਪੰਜਾਬ ਪੁਲਿਸ ਅਤੇ ਨੌਸ਼ਹਿਰਾ ਮੱਝਾ ਸਿੰਘ ਟੀਮਾਂ ਫਾਈਨਲ ਵਿਚ ਪਹੁੰਚ ਗਈਆਂ। ਐਥਲੈਟਿਕਸ ਲੜਕੀਆਂ ਦੇ ਸ਼ਾਟ-ਪੁੱਟ ਮੁਕਾਬਲੇ ਵਿਚ ਅਮਨਦੀਪ ਪਹਿਲੇ, ਭੂਮਿਕਾ ਠਾਕੁਰ ਦੂਜੇ ਅਤੇ ਮਨਿੰਦਰ ਕੌਰ ਤੀਜੇ ਸਥਾਨ 'ਤੇ ਰਹੀਆਂ। ਲੜਕਿਆਂ ਦੇ ਸ਼ਾਟਪੁੱਟ ਮੁਕਾਬਲਿਆਂ ਵਿਚ ਹਰਵਿੰਦਰ ਸਿੰਘ ਪਹਿਲੇ, ਅਕਸ਼ੇ ਸ਼ਰਮਾ ਦੂਜੇ ਅਤੇ ਰਛਪਾਲ ਸਿੰਘ ਤੀਜੇ ਸਥਾਨ 'ਤੇ ਰਹੇ। ਲੜਕੀਆਂ ਦੀ 800 ਮੀ: ਦੌੜ ਵਿਚ ਸ਼ਰਨਜੀਤ ਕੌਰ, ਅਮਨਦੀਪ ਕੌਰ ਅਤੇ ਸਿਮਰਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੀ 800 ਮੀ: ਦੌੜ ਵਿਚ ਲਵਜੀਤ ਸਿੰਘ ਨੇ ਪਹਿਲਾ, ਗੁਰਜੀਤ ਸਿੰਘ ਨੇ ਦੂਜਾ ਅਤੇ ਲਵਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ 400 ਮੀ: ਦੌੜ ਵਿਚ ਪੂਨਮਜੀਤ ਕੌਰ, ਅਮਨਦੀਪ ਕੌਰ ਅਤੇ ਪ੍ਰਵੀਨ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ ਅਤੇ ਲੜਕਿਆਂ ਦੀ 400 ਮੀ: ਦੌੜ ਵਿਚ ਅਰਸ਼ਦੀਪ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ ਅਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ 1500ਮੀ: ਦੌੜ ਵਿਚ ਸ਼ਰਨਜੀਤ ਕੌਰ, ਅਮਨਦੀਪ ਕੌਰ ਅਤੇ ਸਿਮਰਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੀ 1500 ਮੀ: ਦੌੜ ਵਚ ਸੁਖਵਿੰਦਰ ਸਿੰਘ, ਗੁਰਜੀਤ ਸਿੰਘ ਅਤੇ ਬਲਜਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 100 ਮੀ: ਦੌੜ ਵਿਚ ਪਰਮਜੀਤ ਸਿੰਘ, ਸੇਵਾ ਸਿੰਘ ਅਤੇ ਗੌਰਵ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਅਥਲੈਟਿਕ ਵਿਚ ਸੁਮਨਦੀਪ ਕੌਰ ਸਰਬੋਤਮ ਐਥਲੀਟ ਚੁਣੀ ਗਈ। ਅੰਡਰ 17 ਲੜਕਿਆਂ ਦੀ ਐਥਲੈਟਿਕ ਵਿਚ ਸੇਵਾ ਸਿੰਘ ਸਰਬੋਤਮ ਐਥਲੀਟ ਚੁਣਿਆ ਗਿਆ। ਲੰਬੀ ਛਾਲ ਵਿਚ ਸੇਵਾ ਸਿੰਘ, ਪਰਮਿੰਦਰ ਸਿੰਘ ਅਤੇ ਕਰਨਬੀਰ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਇਸ ਮੌਕੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਦੇ ਬਲਾਕ ਦਾ ਉਦਘਾਟਨ ਸ੍ਰੀ ਸਾਹਨੀ ਨੇ ਕੀਤਾ।

21ਵੀਆਂ ਕਮਲਜੀਤ ਖੇਡਾਂ ਦੇ ਦੂਜੇ ਦਿਨ ਹੋਏ ਮੁਕਾਬਲੇ

ਬਟਾਲਾ, 3 ਦਸੰਬਰ - ਬਟਾਲਾ ਦੇ ਕੋਟਲਾ ਸ਼ਾਹੀਆਂ 'ਚ 21ਵੀਆਂ ਕਮਲਜੀਤ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਦੂਜੇ ਦਿਨ ਐਥਲੈਟਿਕਸ ਦੇ ਮੁਕਾਬਲਿਆਂ ਵਿਚ ਵਧੀਆ ਦੌੜਾਕ ਲੜਕੇ ਤੇ ਲੜਕੀਆਂ ਲਈ ਹੀਰੋ ਹਾਂਡਾ ਮੋਟਰ ਸਾਈਕਲ ਤੇ ਪਲੀਯਅਰ ਸਕੂਟਰ ਦੇ ਖਿਤਾਬ ਜਿੱਤਣ ਲਈ ਸਖਤ ਮੁਕਾਬਲੇ ਹੋਏ। 1500 ਮੀਟਰ ਦੌੜ ਲੜਕੀਆਂ ਵਿਚ ਇਕਬਾਲ ਪਹਿਲੇ ਸਥਾਨ, ਆਸ਼ਾ ਰਾਣੀ ਦੂਸਰੇ ਤੇ ਸੰਦੀਪ ਕੌਰ ਤੀਸਰੇ ਸਥਾਨ 'ਤੇ ਰਹੀ। 400 ਮੀਟਰ ਲੜਕੀਆਂ ਦੀ ਦੌੜ ਵਿਚ ਲਖਬੀਰ ਕੌਰ ਪਹਿਲੇ ਨੰਬਰ 'ਤੇ, ਸੁਖਵਿੰਦਰ ਕੌਰ ਦੂਸਰੇ 'ਤੇ ਅਤੇ ਗੁਰਪ੍ਰੀਤ ਕੌਰ ਤੀਸਰੇ ਨੰਬਰ 'ਤੇ ਰਹੀ। ਸ਼ਾਟਪੁੱਟ ਮੁਕਾਬਲੇ ਵਿਚ ਲੜਕੀਆਂ ਦੇ ਵਰਗ ਵਿਚ ਨਰਿੰਦਰ ਕੌਰ ਪਹਿਲੇ ਨੰਬਰ 'ਤੇ, ਹਰਕੀਰਤ ਕੌਰ ਦੂਸਰੇ ਤੇ ਰੁਪਿੰਦਰ ਕੌਰ ਤੀਸਰੇ ਨੰਬਰ 'ਤੇ ਰਹੀ। ਲੰਬੀ ਛਾਲ ਲੜਕੀਆਂ ਦੇ ਮੁਕਾਬਲੇ ਵਿਚ ਕੁਲਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਡਿਸਕਸ-ਥਰੋਅ ਵਿਚ ਬਾਜ਼ੀ ਬਲਜੀਤ ਕੌਰ ਪੰਜਾਬ ਪੁਲਿਸ ਨੇ ਮਾਰੀ, ਹਰਕੀਰਤ ਕੌਰ ਨੇ ਦੂਸਰਾ ਤੇ ਨਰਿੰਦਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ 3 ਹਜ਼ਾਰ ਮੀਟਰ ਦੌੜ ਵਿਚ ਆਸ਼ਾ ਰਾਣੀ ਜਲੰਧਰ ਨੇ ਪਲੀਯਅਰ ਹਾਂਡਾ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕੀਤੀ, ਦੂਸਰੇ ਸਥਾਨ 'ਤੇ ਸੰਦੀਪ ਸੋਨੀਆ ਤੇ ਗੁਰਪ੍ਰੀਤ ਕੌਰ ਤੀਸਰੇ ਨੰਬਰ 'ਤੇ ਰਹੀ। ਲੜਕਿਆਂ ਦੇ ਐਥਲੈਟਿਕਸ ਮੁਕਾਬਲੇ ਵਿਚ 400 ਮੀਟਰ ਦੌੜ ਵਿਚ ਮਨਜੀਤ ਸਿੰਘ ਜਲੰਧਰ ਪਹਿਲੇ ਨੰਬਰ 'ਤੇ, ਜਤਿੰਦਰ ਸਿੰਘ ਜਲੰਧਰ ਦੂਸਰੇ ਤੇ ਹਰਪ੍ਰੀਤ ਸਿੰਘ ਜਲੰਧਰ ਤੀਸਰੇ ਨੰਬਰ 'ਤੇ ਰਹੇ। ਲੜਕਿਆਂ ਦੇ ਵਰਗ ਦੇ ਸ਼ਾਟ-ਪੁੱਟ ਮੁਕਾਬਲਿਆਂ ਵਿਚ ਬਾਜ਼ੀ ਜਸਦੀਪ ਨੇ ਮਾਰੀ। ਜਤਿੰਦਰ ਸਿੰਘ ਤੇ ਸੁਨੀਲ ਕੁਮਾਰ ਕ੍ਰਮਵਾਰ ਦੂਸਰੇ ਤੇ ਤੀਸਰੇ ਸਥਾਨ 'ਤੇ ਰਹੇ। ਡਿਸਕਸ ਥਰੋਅ ਮੁਕਾਬਲਿਆਂ ਵਿਚ ਗੁਰਸੇਵਕ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਤਰਜਿੰਦਰ ਸਿੰਘ ਤੇ ਸੁਨੀਲ ਕੁਮਾਰ ਨੂੰ ਦੂਸਰੇ ਤੇ ਤੀਸਰੇ ਸਥਾਨ 'ਤੇ ਹੀ ਸਬਰ ਕਰਨ ਲਈ ਮਜ਼ਬੂਰ ਕੀਤਾ। ਲੜਕਿਆਂ ਦੀ ਉੱਚੀ ਛਾਲ ਮੁਕਾਬਲਿਆਂ ਵਿਚ ਬੀ.ਐਸ.ਐਫ. ਦੇ ਖਿਡਾਰੀ ਅਨੂਪ ਕੁਮਾਰ ਨੇ ਸਭ ਤੋਂ ਉੱਚੀ ਛਾਲ ਲਗਾਈ। ਕਬੱਡੀ 62 ਕਿਲੋ ਮੁਕਾਬਲਿਆਂ ਵਿਚ ਖੋਸਾ ਕੋਟਲਾ ਕਲੱਬ ਨੇ ਜਫ਼ਰਵਾਲ ਸਪੋਰਟਸ ਕਲੱਬ ਨੂੰ ਤੇ ਹੀਰਾ ਸਿੰਘ ਕਲੱਬ ਨੇ ਇਕ ਪਾਸੜ ਮੁਕਾਬਲੇ ਵਿਚ ਬਾਬਾ ਡਰੋਲੀ ਭਾਈ ਕਲੱਬ ਨੂੰ ਮਾਤ ਦਿੱਤੀ। ਤੀਸਰੇ ਮੈਚ ਵਿਚ ਗੁਰੂ ਨਾਨਕ ਸਪੋਰਟਸ ਕਲੱਬ ਨੂੰ ਸੰਤ ਬਾਬਾ ਹਜ਼ਾਰਾ ਕਲੱਬ ਹੱਥੋਂ ਮਾਤ ਖਾਣੀ ਪਈ। ਕਬੱਡੀ ਮੁਕਾਬਲਿਆਂ ਵਿਚ ਆਖ਼ਰੀ ਮੈਚ ਵਿਚ ਝਨੇੜੀ ਸਪੋਰਟਸ ਕਲੱਬ ਨੇ ਮਤਲਾਵੀ ਸਪੋਰਟਸ ਕਲੱਬ ਨੂੰ ਮਾਤ ਦਿੱਤੀ। ਵਾਲੀਬਾਲ ਲੜਕਿਆਂ ਦੇ ਮੁਕਾਬਲੇ ਵਿਚ ਸਪੋਰਟਸ ਕਲੱਬ ਮਸਾਣੀਆਂ ਨੂੰ ਸਪੋਰਟਸ ਕਲੱਬ ਬਿਆਸ ਹੱਥੋਂ ਮਾਤ ਖਾਣੀ ਪਈ ਤੇ ਦਸਮੇਸ਼ ਹਾਈ ਸਕੂਲ ਕਾਦੀਆਂ ਵੀ ਸਪੋਰਟਸ ਕਲੱਬ ਸੰਗਰੂਰ ਤੋਂ ਹਾਰ ਗਈ। ਹਾਕੀ ਮਰਦਾਂ ਦੇ ਮੁਕਾਬਲੇ ਵਿਚ ਗੁਰੂ ਨਾਨਕ ਹਾਕੀ ਅਕੈਡਮੀ ਨੇ ਖ਼ਾਲਸਾ ਹਾਕੀ ਅਕੈਡਮੀ ਨੂੰ 3-1 ਨਾਲ ਮਾਤ ਦਿੱਤੀ। ਦੂਸਰੇ ਮੈਚ ਵਿਚ ਮਹਾਰਾਜਾ ਰਣਜੀਤ ਅਕੈਡਮੀ ਨੇ ਰੰਧਾਵਾ ਸਪੋਰਟਸ ਕਲੱਬ ਨੂੰ 4-2 ਨਾਲ ਮਾਤ ਦਿੱਤੀ। ਤੀਸਰੇ ਮੈਚ ਵਿਚ ਬਾਬਾ ਨਗਨ ਦਾਸ ਹਾਕੀ ਨੇ ਗੁਰੂ ਅਰਜਨ ਦੇਵ ਅਕੈਡਮੀ ਨੂੰ ਮਾਤ ਦਿੱਤੀ। ਫੁੱਟਬਾਲ ਦੇ ਹੋਏ ਫਾਈਨਲ ਮੈਚ ਵਿਚ ਪੰਜਾਬ ਪੁਲਿਸ ਜਲੰਧਰ ਸਪੋਰਟਸ ਕਲੱਬ ਨੌਸ਼ਹਿਰਾ ਮੱਝਾ ਸਿੰਘ ਨੂੰ ਹਰਾ ਕੇ ਜੇਤੂ ਟਰਾਫੀ ਹਾਸਲ ਕੀਤੀ। ਅਜੀਤ ਸਿੰਘ ਭੱਠਲ ਕੈਲੇਫੋਰਨੀਆਂ ਯੂ.ਐਸ.ਏ. ਨੇ 1 ਲੱਖ ਦੀ ਵਿੱਤੀ ਸਹਾਇਤਾ ਵੀ ਦਿੱਤੀ।

21ਵੀਂਆਂ ਕਮਲਜੀਤ ਖੇਡਾਂ ਸਮਾਪਤ

ਬਟਾਲਾ, 4 ਦਸੰਬਰ - 21ਵੀਆਂ ਕਮਲਜੀਤ ਯਾਦਗਾਰੀ ਖੇਡਾਂ ਬਟਾਲਾ ਦੇ ਕੋਟਲਾ ਸ਼ਾਹੀਆਂ 'ਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਮੌਕੇ ਰਾਸ਼ਟਰ ਮੰਡਲ ਖੇਡਾਂ ਵਿਚ ਤਮਗੇ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਸ਼ਾਨਦਾਰ ਪਰੇਡ ਕਰਵਾਉਣ ਉਪਰੰਤ ਡੇਢ-ਡੇਢ ਤੋਲੇ (15-15 ਗ੍ਰਾਮ) ਸੋਨੇ ਦੇ ਤਮਗਿਆਂ ਨਾਲ ਸਨਮਾਨ ਕੀਤਾ ਗਿਆ। ਸਾਰੇ ਜੇਤੂ ਖਿਡਾਰੀਆਂ ਨੇ ਰੱਥਾਂ 'ਤੇ ਬੈਠ ਕੇ ਪੂਰੇ ਸਟੇਡੀਅਮ ਦਾ ਚੱਕਰ ਲਾਇਆ। ਇਸ ਮੌਕੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ। ਸੁਰਜੀਤ ਸਪੋਰਟਸ ਐਸੋਸੀਏਸ਼ਨ ਦੀ ਸਵੀਡਨ ਇਕਾਈ ਦੇ ਪ੍ਰਧਾਨ ਆਜ਼ਾਦ ਸਿੰਘ ਭੁੱਲਰ ਨੇ ਸਨਮਾਨ ਸਮਾਗਮ ਨੂੰ ਸਪਾਂਸਰ ਕੀਤਾ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਦੋ ਸੋਨ ਤੇ ਇਕ ਚਾਂਦੀ ਦਾ ਤਗਮਾ ਜੇਤੂ ਨਿਸ਼ਾਨੇਬਾਜ਼ ਗੁਰਪ੍ਰੀਤ ਸਿੰਘ, ਕਾਂਸੀ ਦਾ ਤਮਗਾ ਜਿੱਤਣ ਵਾਲੀ ਤੀਰ ਅੰਦਾਜ਼ ਗਗਨਦੀਪ ਕੌਰ, ਕਾਂਸੀ ਦਾ ਤਮਗਾ ਜਿੱਤਣ ਵਾਲਾ ਮੁੱਕੇਬਾਜ਼ ਅਮਨਦੀਪ ਸਿੰਘ ਤੇ ਐਥਲੀਟ ਹਰਮਿੰਦਰ ਸਿੰਘ ਅਤੇ ਏਸ਼ੀਆ ਖੇਡਾਂ ਵਿਚ ਮੁੱਕੇਬਾਜ਼ੀ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਮਨਪ੍ਰੀਤ ਸਿੰਘ ਨੂੰ 15-15 ਗ੍ਰਾਮ ਸੋਨੇ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ। ਰਾਸ਼ਟਰ ਮੰਡਲ ਤੇ ਏਸ਼ੀਆ ਖੇਡਾਂ ਵਿੱਚ 4×400 ਮੀਟਰ ਰਿਲੇਅ ਦੌੜ ਵਿਚ ਸੋਨ ਤਮਗੇ ਜਿੱਤਣ ਵਾਲੀਆਂ ਪੰਜਾਬ ਦੀਆਂ ਖਿਡਾਰਨਾਂ ਮਨਜੀਤ ਕੌਰ ਤੇ ਮਨਦੀਪ ਕੌਰ ਅੱਜ ਦਿੱਲੀ 'ਚ ਹੋਣ ਕਾਰਨ ਨਹੀਂ ਪਹੁੰਚ ਸਕੀਆਂ। ਮਨਜੀਤ ਕੌਰ ਦੀ ਥਾਂ ਉਸ ਦੇ ਪਿਤਾ ਹਰਭਜਨ ਸਿੰਘ ਅਤੇ ਮਨਦੀਪ ਕੌਰ ਦੀ ਥਾਂ ਉਸ ਦੇ ਭਰਾ ਹਰਪਾਲ ਸਿੰਘ ਤੇ ਕੋਚ ਬਲਜਿੰਦਰ ਸਿੰਘ ਮੰਡ ਨੇ ਸਨਮਾਨ ਪ੍ਰਾਪਤ ਕੀਤਾ। ਇਸ ਮੌਕੇ ਪਟਿਆਲਾ ਦੇ ਗੱਭਰੂ ਬੱਗਾ ਧਾਲੀਵਾਲ ਨੇ ਆਪਣੇ ਬੁਲਟ ਮੋਟਰ ਸਾਈਕਲ 'ਤੇ ਖੜ੍ਹ ਕੇ ਕਰਤੱਵ ਦਿਖਾਏ। ਮੁਕਾਬਲਿਆਂ ਦੌਰਾਨ ਹਾਕੀ 'ਚ ਬਾਬਾ ਨਗਨਦਾਸ ਹਾਕੀ ਅਕਡੈਮੀ ਸੰਗਰੂਰ ਨੇ ਗੁਰੂ ਨਾਨਕ ਦੇਵ ਹਾਕੀ ਅਕੈਡਮੀ ਚਾਹਲ ਕਲ੍ਹਾਂ ਨੂੰ 4-1 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਮੁੰਡਿਆਂ ਵਿਚ ਨਿਸ਼ਕਾਮ ਵਾਲੀਬਾਲ ਕਲੱਬ ਬਟਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਕੁੜੀਆਂ ਵਿਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਅੰਮ੍ਰਿਤਸਰ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੌਕੇ ਐਥਲੈਟਿਕਸ, ਕਬੱਡੀ, ਵਾਲੀਬਾਲ ਦੇ ਦੇਰ ਰਾਤ ਤੱਕ ਮੁਕਾਬਲੇ ਚੱਲਦੇ ਰਹੇ। ਦੇਰ ਰਾਤ ਨੂੰ ਮਨਮੋਹਨ ਵਾਰਿਸ, ਕਮਲ ਹੀਰ ਅਤੇ ਮੰਨਾ ਢਿੱਲੋਂ ਨੇ ਪੰਜਾਬੀ ਸੱਭਿਆਚਾਰ ਦਾ ਪਿੜ ਬੰਨਿਆ।